



Patiala: April 20, 2022
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨੁੱਕੜ ਨਾਟਕ ‘ਨਾਰਕੋਟੈਸਟ’ ਕਰਵਾਇਆ ਗਿਆ
ਅੱਜ ਮਿਤੀ 20-04-2022 ਨੂੰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ‘ਤਮਾਸ਼ਾ ਥੀਏਟਰ ਗਰੁੱਪ’ ਵੱਲੋਂ ਨੁੱਕੜ ਨਾਟਕ ‘ਨਾਰਕੋ ਟੈਸਟ’ ਪਿੱਪਲ ਥੱਲੇ ਖੇਡਿਆ ਗਿਆ। ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ‘ਤਮਾਸ਼ਾ ਥੀਏਟਰ ਗਰੁੱਪ’ ਦੇ ਕਲਾਕਾਰਾਂ ਦਾ ਕਾਲਜ ਆਉਣ ‘ਤੇ ਸਵਾਗਤ ਕਰਦਿਆਂ ਉਹਨਾਂ ਦੁਆਰਾ ਨਾਟਕ ਦੀ ਵਿਧਾ ਰਾਹੀਂ ਸਮਾਜਿਕ ਚੇਤਨਤਾ ਦੀ ਲਹਿਰ ਸਿਰਜਣ ਦੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ । ਆਪਣੇ ਸਵਾਗਤੀ ਸ਼ਬਦ ਕਹਿੰਦਿਆ ਉਹਨਾਂ ਦੱਸਿਆ ਕਿ ਨਾਟਕ ਹੀ ਇੱਕ ਅਜਿਹੀ ਕਲਾਤਮਕ ਵਿਧਾ ਹੈ ਜੋ ਦਰਸ਼ਕ ਅਤੇ ਸਰੋਤੇ ਨਾਲ ਸਿੱਧਾ ਸੰਪਰਕ ਬਣਾਕੇ ਆਪਣਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਉਹਨਾਂ ਤੱਕ ਪਹੁੰਚਾਉਂਦੀ ਹੈ। ਇਸ ਅਵਸਰ ‘ਤੇ ਕਾਲਜ ਦੇ ਡੀਨ ਕੋਕਰੀਕੂਲਰ ਐਕਟੀਵੀਟੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨਾਲ ਨਾਟਕ ਕਲਾਕਾਰਾਂ ਦੀ ਜਾਣ ਪਛਾਣ ਕਰਵਾਈ ਅਤੇ ਦੱਸਿਆ ਕਿ ਇਹ ਨਾਟਕ ਸਾਡੇ ਸਮਾਜਿਕ ਅਤੇ ਰਾਜਨੀਤਿਕ ਪ੍ਰਬੰਧ ਵਿੱਚ ਆ ਚੁੱਕੇ ਵਿਗਾੜਾਂ ’ਤੇ ਤਿੱਖਾ ਵਿਅੰਗ ਕਰਦਿਆਂ ਲੋਕਾਂ ਨੂੰ ਸਮਾਜ ਪ੍ਰਤੀ ਆਪਣੇ ਫਰਜਾਂ ਵੱਲ ਸੁਚੇਤ ਹੋਣ ਲਈ ਪ੍ਰੇਰਿਤ ਕਰਦਾ ਹੈ। ਇਹ ਨਾਟਕ ‘ਨਾਰਕੋਟੈਸਟ’ ਮੁੱਖ ਤੌਰ ’ਤੇ ਸਾਡੇ ਸਮਾਜਿਕ ਰਾਜਨੀਤਿਕ ਪ੍ਰਬੰਧ ਵਿਚ ਆ ਚੁੱਕੀ ਗਿਰਾਵਟ ਨੂੰ ਵਿਅੰਗ ਦੀ ਵਿਧੀ ਨਾਲ ਮੁਖਾਤਬ ਹੁੰਦਾ ਹੈ। ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿੱਧ ਪਾਤਰਾਂ ਦਾ ਨਾਟਕੀ ਅੰਦਾਜ਼ ਵਿਚ ਨਾਰਕੋਟੈਸਟ ਕਰਕੇ ਉਹਨਾਂ ਦੀ ਅਸਲੀਅਤ ਅਤੇ ਢੌਂਗ ਨੂੰ ਉਜਾਗਰ ਕੀਤਾ ਗਿਆ ਹੈ। ਪੁਲਸ, ਰਾਜ ਨੇਤਾ ਅਤੇ ਬਾਬਿਆਂ ਦੇ ਦੋਗਲੇ ਕਿਰਦਾਰਾਂ ਨੂੰ ਹਾਸ ਵਿਅੰਗ ਵਿਧੀ ਰਾਹੀਂ ਪੇਸ਼ ਕਰਕੇ ਦਰਸ਼ਕਾਂ ਦੀ ਮਾਨਸਿਕਤਾ ਨੂੰ ਝੰਜੋੜਿਆ ਗਿਆ। ‘ਤਾਮਾਸ਼ਾ ਥੀਏਟਰ ਗਰੁੱਪ’ ਦੇ ਕਲਾਕਾਰ ਸੁਨੀਲ (ਸੰਨੀ ਸਿੱਧੂ), ਸੁਖਵੀਰ ਸਿੰਘ ਸੁੱਖੀ, ਨਵਦੀਪ ਸਿੰਘ ਤੇਜੇ ਵੱਲੋਂ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਅੰਤ ਤੱਕ ਨਾਟਕ ਨਾਲ ਜੋੜੀ ਰੱਖਿਆ। ਕਾਲਜ ਵੱਲੋਂ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਵੇਦ ਪ੍ਰਕਾਸ਼ ਸ਼ਰਮਾ ਨੇ ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹਿੰਦਿਆਂ ਇਸ ਨਾਟਕ ਵਿੱਚ ਪ੍ਰਸਤੁਤ ਆਮ ਆਦਮੀ ਨੂੰ ਰਾਜਨੀਤਿਕ ਦ੍ਰਿਸ਼ਟੀ ਤੋਂ ਸੁਚੇਤ ਹੋ ਕੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦੀ ਲੋੜ ਵੱਲ ਪ੍ਰੇਰਿਤ ਕੀਤਾ। ਨਾਟਕ ਉਪਰੰਤ ਦਰਸ਼ਕਾਂ ਵਿਚੋਂ ਬੀ ਕਾਮ ਭਾਗ ਪਹਿਲਾ ਦੀ ਵਿਦਿਆਰਥਣ ਚੇਸ਼ਟਾ ਨੇ ਇਸ ਪੇਸ਼ਕਾਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਨਾਟਕ ਸਿਰਫ ਮੰਨੋਰੰਜਨ ਦੇ ਸਾਧਨ ਵੱਜੋਂ ਨਹੀਂ ਲੈਣਾ ਚਾਹੀਦਾ ਬਲਕਿ ਇਸਦੇ ਵਿਚ ਮੌਜੂਦ ਸੁਨੇਹੇ ਨੂੰ ਜਿੰਦਗੀ ਵਿੱਚ ਅਪਣਾਉਣਾ ਵੀ ਚਾਹੀਦਾ ਹੈ। ਇਸ ਤੋਂ ਬਾਅਦ ਬੀ ਕਾਮ ਆਨਰਜ਼ ਭਾਗ ਪਹਿਲਾ ਦੇ ਵਿਦਿਅਰਥੀ ਕੁਸ਼ਾਲ ਕੁਮਾਰ ਨੇ ਨਾਟਕ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਨਾਟਕ ਵਿਚ ਪੇਸ਼ ਸੁਨੇਹਿਆਂ ਤੋਂ ਸੇਧ ਲੈ ਕੇ ਸਾਨੂੰ ਜੀਵਨ ਨੂੰ ਨਵੀਆਂ ਰਾਹਾਂ ’ਤੇ ਤੋਰਨਾ ਚਾਹੀਦਾ ਹੈ। ਇਸ ਅਵਸਰ ‘ਤੇ ਵੱਡੀ ਗਿਣਤੀ ਵਿੱਚ ਅਧਿਆਪਕ ਵਿਦਿਆਰਥੀ ‘ਤੇ ਕਾਲਜ ਕਰਮਚਾਰੀ ਮੌਜੂਦ ਸਨ।